ਝੋਨੇ ਦੀ ਖ਼ਰੀਦ ਵਿੱਚ ਦੇਰੀ ਕਿਸਾਨਾਂ ਨਾਲ ਧੋਖਾ- ਬੱਬੇਹਾਲੀ

गुरदासपुर

ਰਾਵੀ ਨਿਊਜ ਗੁਰਦਾਸਪੁਰ

ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ 10 ਦਿਨ ਅੱਗੇ ਪਾਉਣ ਇੱਕ ਗਿਣੀ ਮਿਥੀ ਸਾਜ਼ਿਸ਼ ਦਾ ਹਿੱਸਾ ਹੈ । ਇਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਸਰਕਾਰ ਦੀ ਮਨਸ਼ਾ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਪਰੇਸ਼ਾਨ ਕਰਨ ਦੀ ਹੈ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਹੀ । ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਸੂਬੇ ਦੀ ਆਰਥਿਕਤਾ ਵਿੱਚ ਪਹਿਲਾਂ ਤੋਂ ਹੀ ਖੜੋਤ ਆਈ ਹੈ ਅਤੇ ਹੁਣ  ਝੋਨੇ ਦੀ ਖ਼ਰੀਦ ਵਿੱਚ ਦੇਰੀ ਨਾਲ ਕਿਸਾਨੀ ਦਾ ਲੱਕ ਹੋਰ ਟੁੱਟੇਗਾ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ ਸਮੇਂ ਸਿਰ ਲੋੜੀਂਦੇ ਪ੍ਰਬੰਧ ਵੀ ਨਹੀਂ ਕੀਤੇ ਅਤੇ ਆਪਣੀ ਇਸ ਨਾਕਾਮੀ ਤੇ ਪਰਦਾ ਪਾਉਣ ਲਈ ਖ਼ਰੀਦ 10 ਦਿਨ ਮੁਲਤਵੀ ਕਰਵਾਈ ਹੈ । ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਅਗਾਊਂ ਯੋਜਨਾਬੰਦੀ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਵਾਢੀ ਸ਼ੁਰੂ ਕਰ ਦਿੱਤੀ ਸੀ । ਇਸ ਤੋਂ ਇਲਾਵਾ ਝੋਨਾ ਮੰਡੀਆਂ ਵਿੱਚ ਪਹੁੰਚਣਾ ਸ਼ੁਰੂ ਵੀ ਹੋ ਗਿਆ ਸੀ । ਪਰ ਹੁਣ ਅਚਨਚੇਤ ਖ਼ਰੀਦ ਦੀ ਪ੍ਰਕਿਰਿਆ ਮੁਲਤਵੀ ਕਰਨ ਨਾਲ ਨਾਂ ਸਿਰਫ਼ ਕਿਸਾਨ ਖ਼ੱਜਲ਼-ਖ਼ੁਆਰ ਹੋਣਗੇ ਬਲਕਿ ਖ਼ਰਾਬ ਮੌਸਮ ਕਾਰਨ ਵੀ ਫ਼ਸਲ ਰੁਲ ਸਕਦੀ ਹੈ । ਉਨ੍ਹਾਂ ਕਿਹਾ ਕਿ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੂੰ ਆਪਣੀਆਂ ਏਜੰਸੀਆਂ ਰਾਹੀਂ ਝੋਨੇ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾ ਕੇ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਕਿ ਕਿਸਾਨ ਕੇਂਦਰ ਦੀ ਹਦਾਇਤ ਕਾਰਨ ਖ਼ਰੀਦ ਵਿੱਚ ਦੇਰੀ ਕਾਰਨ ਮੁਸ਼ਕਲਾਂ ਨਾ ਝੱਲਣ ।

Leave a Reply

Your email address will not be published. Required fields are marked *