ਰਾਵੀ ਨਿਊਜ ਬਟਾਲਾ
ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀਆਂ ਕੋਸ਼ਿਸ਼ਾਂ ਸਦਕਾ ਬਟਾਲਾ ਸਮੇਤ ਮਾਝੇ ਦੇ ਵੱਡੇ ਹਿੱਸੇ ਨੂੰ ਰਈਆ ਮੋੜ ਤੋਂ ਵਾਇਆ ਬਟਾਲਾ ਸ਼ਹਿਰ ਰਾਹੀਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਦੀ ਵੱਡੀ ਸਹੂਲਤ ਮਿਲਣ ਜਾ ਰਹੀ ਹੈ। ਇਸ ਚਾਰ ਮਾਰਗੀ ਪ੍ਰੋਜੈਕਟ ਉੱਪਰ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਇਸ ਵਕਾਰੀ ਪ੍ਰੋਜੈਕਟ ਦੇ ਨਿਰਮਾਣ ਲਈ ਅੱਜ ਨੈਸ਼ਨਲ ਹਾਈਵੇ ਅਥਾਰਟੀ ਦੇ ਡਿਪਟੀ ਮੈਨੇਜਰ ਅਚਲ ਜਿੰਦਲ, ਜੰਗਲਾਤ ਵਿਭਾਗ ਦੇ ਡੀ.ਐੱਫ.ਓ. ਜਰਨੈਲ ਸਿੰਘ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਬਾਬਾ ਬਕਾਲਾ ਵਾਇਆ ਬਟਾਲਾ ਤੋਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਦਾ ਨਿਰਮਾਣ ਜਲਦ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਚਾਰ ਮਾਰਗੀ ਸੜਕ ਦੇ ਬਣਨ ਨਾਲ ਜਿਥੇ ਡੇਰਾ ਬਾਬਾ ਨਾਨਕ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਮਿਲੇਗੀ ਓਥੇ ਨਾਲ ਹੀ ਬਟਾਲਾ ਸ਼ਹਿਰ ਵਿਚੋਂ ਇੱਕ ਹੋਰ ਰਾਸ਼ਟਰੀ ਰਾਜ ਮਾਰਗ ਲੰਘਣ ਨਾਲ ਇਸਦੇ ਵਿਕਾਸ ਨੂੰ ਵੀ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਵਧੀਆ ਸੜਕੀ ਸੰਪਰਕ ਹੋਣ ਨਾਲ ਇਸਦਾ ਸਿੱਧਾ ਲਾਭ ਬਟਾਲਾ ਸ਼ਹਿਰ ਦੀ ਸਨਅਤ ਨੂੰ ਵੀ ਹੋਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜਿਥੇ ਇਹ ਚਾਰ ਮਾਰਗੀ ਸੜਕ ਦਾ ਨਿਰਮਾਣ ਹੋਣਾ ਹੈ ਓਥੇ ਜਲੰਧਰ ਰੋਡ ਦੇ ਮਿਸ਼ਰਪੁਰਾ ਪਿੰਡ ਲਾਗੋਂ ਸ਼ੁਰੂ ਕਰਕੇ ਸ੍ਰੀ ਹਰਗੋਬਿੰਦਪੁਰ, ਕਾਦੀਆਂ ਅਤੇ ਕਾਹਨੂੰਵਾਨ ਸੜਕਾਂ ਨੂੰ ਕਰਾਸ ਕਰਕੇ ਗੁਰਦਾਸਪੁਰ ਰੋਡ ਤੱਕ ਇੱਕ ਨਵਾਂ ਬਾਈਪਾਸ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਾਈਪਾਸ ਦੇ ਬਣਨ ਨਾਲ ਬਟਾਲਾ ਸ਼ਹਿਰ ਦੇ ਦੁਆਲੇ ਇੱਕ ਫੋਰਲੇਨ ਰਿੰਗ ਰੋਡ ਬਣ ਜਾਵੇਗਾ ਜਿਸ ਨਾਲ ਸਾਰੀ ਹੈਵੀ ਟਰੈਫਿਕ ਸ਼ਹਿਰੋਂ ਬਾਹਰਵਾਰ ਲੰਘ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਰਈਆ ਮੋੜ ਤੋਂ ਵਾਇਆ ਬਟਾਲਾ ਸ਼ਹਿਰ ਰਾਹੀਂ ਡੇਰਾ ਬਾਬਾ ਨਾਨਕ ਤੱਕ ਚਾਰ ਮਾਰਗੀ ਸੜਕ ਅਤੇ ਬਟਾਲਾ ਸ਼ਹਿਰ ਦੇ ਨਵੇਂ ਬਾਈਪਾਸ ਦੇ ਪ੍ਰੋਜੈਕਟ ਉੱਪਰ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਇੱਕ ਸਾਲ ਦੇ ਅੰਦਰ ਇਹ ਦੋਵੇਂ ਪ੍ਰੋਜੈਕਟ ਮੁਕੰਮਲ ਕਰਨ ਦਾ ਟੀਚਾ ਹੈ।
ਨੈਸ਼ਨਲ ਹਾਈਵੇ ਅਥਾਰਟੀ ਦੇ ਡਿਪਟੀ ਮੈਨੇਜਰ ਅਚਲ ਜਿੰਦਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਪ੍ਰੋਜੈਕਟਾਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਅਤੇ ਜੰਗਲਾਤ ਵਿਭਾਗ ਦੀ ਆਖਰੀ ਮਨਜ਼ੂਰੀ ਮਿਲਣੀ ਬਾਕੀ ਰਹਿ ਗਈ ਹੈ ਜੋ ਇਸ ਹਫਤੇ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਤੋਂ ਬਾਅਦ ਇਨ੍ਹਾਂ ਪ੍ਰੋਜੈਕਟਾਂ ਉੱਪਰ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।