ਖੇਤ ਵਿੱਚ ਪਾਣੀ ਲਾ ਕੇ ਪਰਾਲੀ ਨੂੰ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ – ਖੇਤੀ ਮਾਹਿਰ

बटाला

ਰਾਵੀ ਨਿਊਜ ਬਟਾਲਾ

ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਤਿਆਰ ਕਰਨ ਲਈ ਖੇਤੀ ਮਾਹਿਰਾਂ ਵਲੋਂ ਵੱਖ-ਵੱਖ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ, ਇਨਾਂ ਵਿਚੋਂ ਇੱਕ ਤਕਨੀਕ ਹੈ ਪਾਣੀ ਲਾ ਕੇ ਪਰਾਲੀ ਨੂੰ ਮਿੱਟੀ ਵਿੱਚ ਮਿਲਾਉਣਾ। ਇਸ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਬਟਾਲਾ ਦੀ ਖੇਤੀਬਾੜੀ ਅਧਿਕਾਰੀ ਕੰਵਲਜੀਤ ਕੌਰ ਨੇ ਦੱਸਿਆ ਕਿ ਚੌਪਰ ਮਗਰ ਕੁਤਰਾ ਕੀਤੇ ਗਏ ਖੇਤ ਵਿਚ ਪਾਣੀ ਲਾ ਕੇ ਰੋਟਰੀ ਪਡਲਰ (ਰੋਟਾਵੇਟਰ) ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਰਲਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਨਾਲ ਪਰਾਲੀ ਪੂਰੀ ਤਰਾਂ ਮਿੱਟੀ ਵਿੱਚ ਲਿੱਬੜ ਜਾਂਦੀ ਹੈ ਅਤੇ ਪਰਾਲੀ ਦੀ ਇਹ ਵਿਸੇਸਤਾ ਹੈ ਕਿ ਮਿੱਟੀ ਅਤੇ ਪਾਣੀ ਲੱਗਣ ਤੇ ਇਹ ਬਹੁਤ ਜਲਦੀ-ਗਲਦੀ ਹੈ। ਪਰਾਲੀ ਦਾ ਬਾਰੀਕ ਕੁਤਰਾ ਹਣ ਕਰ ਕੇ ਇਹ ਖੇਤ ਵਿਚ ਅਸਾਨੀ ਨਾਲ ਗਲ ਜਾਂਦੀ ਹੈ।
ਖੇਤੀਬਾੜੀ ਅਧਿਕਾਰੀ ਕੰਵਲਜੀਤ ਕੌਰ ਨੇ ਦੱਸਿਆ ਕਿ ਜਮੀਨ ਦੀ ਮਿੱਟੀ ਦੀ ਕਿਸਮ ਦੇ ਵੱਤਰ ਆਉਣ ਲਈ ਤਕਰੀਬਨ ਦੋ ਤੋਂ ਤਿੰਨ ਹਫਤੇ ਲੱਗਦੇ ਹਨ। ਵੱਤਰ ਆਉਣ ਤੋਂ ਬਾਅਦ ਖੇਤ ਵਿਚ ਬਗੈਰ ਵਹਾਈ ਜਾਂ ਰਿਵਾਇਤੀ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਸ ਤਕਨੀਕ ਨੂੰ ਅਪਣਾਉਣ ਲਈ ਝੋਨੇ ਦੇ ਖੇਤ ਨੂੰ ਪਾਣੀ ਕਟਾਈ ਤੋਂ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਟਾਈ ਸਮੇ ਖੇਤ ਖੁਸਕ ਹੋਵੇ ਅਤੇ ਇਹੀ ਪਾਣੀ ਝੋਨੇ ਦੀ ਕਟਾਈ ਤੋਂ ਬਾਅਦ ਚੌਪਰ ਨਾਲ ਪਰਾਲੀ ਦਾ ਕੁਤਰਾ ਕਰਨ ਤੋਂ ਬਾਅਦ ਇਸ ਨੂੰ ਖੇਤ ਵਿੱਚ ਮਿਲਾਉਣ ਲਈ ਲਗਾਇਆ ਜਾ ਸਕੇ।
ਖੇਤੀ ਅਧਿਕਾਰੀ ਨੇ ਦੱਸਿਆ ਕਿ ਐਮਬੀਪਲਾਓ (ਉਲਟਾਵੇਂ ਹੱਲ) ਨਾਲ ਵੱਤਰ ਮਿੱਟੀ ਵਿੱਚ ਮਿਲਾਉਣਾ ਵੀ ਇੱਕ ਹੋਰ ਤਕਨੀਕ ਹੈ। ਉਨਾਂ ਦੱਸਿਆ ਕਿ ਕੁਤਰੀ ਹੋਈ ਪਰਾਲੀ ਨੂੰ ਹਲਾਂ ਨਾਲ ਵੀ ਪਰਾਲੀ ਨੂੰ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਇਹ ਹਲ ਦੋ ਕਿਸਮ ਦੇ ਹੁੰਦੇ ਹਨ- ਫਿਕਸ ਅਤੇ ਰਿਵਰਸੀਬਲ। ਫਿਕਸ ਕਿਸਮ ਦਾ ਹਲ ਮਿੱਟੀ ਨੂੰ ਇੱਕ ਪਾਸੇ ਪਲਟਦਾ ਹੈ। ਰਿਵਰਸੀਬਲ ਕਿਸਮ ਦੇ ਹਲ ਨਾਲ ਖੇਤ ਦੀ ਪੱਟੀ ਦੇ ਅਖੀਰ ’ਤੇ ਹਲ ਦਾ ਪਾਸਾ ਬਦਲ ਲਿਆ ਜਾਂਦਾ ਹੈ ਅਤੇ ਉਸੇ ਖਾਲੀ ਵਿੱਚ ਚੱਲਦੇ ਹੋਏ ਮਿੱਟੀ ਨੂੰ ਖੱਬੇ ਪਾਸੇ ਸੁੱਟਦੇ ਹਨ। ਇਸ ਨਾਲ ਖੇਤ ਵਿੱਚ ਕੋਈ ਖਾਲੀ ਨਹੀਂ ਬਣਦੀ ਅਤੇ ਨਾ ਹੀ ਪੱਧਰ ਖਰਾਬ ਹੁੰਦਾ ਹੈ। ਖੇਤੀ ਅਧਿਕਾਰੀ ਕੰਵਲਜੀਤ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਖੇਤ ਵਿੱਚ ਖਪਾਉਣ ਦੇ ਬਹੁਤ ਤਰੀਕੇ ਹਨ ਸੋ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਉਣੀ ਚਾਹੀਦੀ। 

Leave a Reply

Your email address will not be published. Required fields are marked *