ਰਾਵੀ ਨਿਊਜ ਬਟਾਲਾ
ਅਪ੍ਰੈਲ ਮਹੀਨਾ ਹਲਦੀ ਦੀ ਕਾਸ਼ਤ ਕਰਨ ਲਈ ਬਹੁਤ ਢੁੱਕਵਾਂ ਹੈ ਅਤੇ ਕਿਸਾਨਾਂ ਨੂੰ ਇਸ ਮਹੀਨੇ ਦੇ ਅਖੀਰ ’ਤੇ ਹਲਦੀ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹਲਦੀ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਹਲਦੀ ਦੀਆਂ ਨਰੋਈਆਂ ਗੱਠੀਆਂ ਕਾਫ਼ੀ ਹਨ।
ਬਾਗਬਾਨੀ ਵਿਕਾਸ ਅਧਿਕਾਰੀ ਨੇ ਦੱਸਿਆ ਕਿ ਹਲਦੀ ਦੀ ਬਿਜਾਈ ਤੋਂ ਪਹਿਲਾਂ 10-12 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ ਅਤੇ ਇਸ ਦੇ ਨਾਲ ਹੀ ਬਿਜਾਈ ਸਮੇਂ 60 ਕਿੱਲੋ ਸਿੰਗਲ ਸੁਪਰਫਾਸਫੇਟ ਵੀ ਪਾਈ ਜਾਵੇ। ਉਨਾਂ ਦੱਸਿਆ ਕਿ ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸੋਰਸ਼ੀਅਮ ਜੀਵਾਣੂੰ ਖਾਦ (4 ਕਿੱਲੋ ਪ੍ਰਤੀ ਏਕੜ) ਪਾਈ ਜਾਵੇ ਅਤੇ ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 16 ਕਿੱਲੋ ਮਿਊਰੇਟ ਆਫ ਪੋਟਾਸ਼ ਪਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਕਤਾਰਾਂ ਵਿੱਚ ਫ਼ਾਸਲਾ 30 ਸੈਂ:ਮੀ: ਰੱਖੋ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂ:ਮੀ: ਰੱਖਿਆ ਜਾਵੇ। ਬਾਗਬਾਨੀ ਅਫ਼ਸਰ ਨੇ ਦੱਸਿਆ ਕਿ 36 ਕੁਇੰਟਲ/ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰ ਦਿਓ। ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਫ਼ਸਲ ਨੂੰ ਪਾਣੀ ਵੀ ਘੱਟ ਲੱਗਣਗੇ, ਨਦੀਨਾਂ ਦੀ ਰੋਕਥਾਮ ਚੰਗੀ ਹੋਵੇਗੀ ਅਤੇ ਫਸਲ ਵੀ ਚੰਗੀ ਵਧੇ ਫੁੱਲੇਗੀ।