ਕਾਂਗਰਸ ਦਾ ਕਾਲ਼ਾ ਸੱਚ ਸਭ ਦੇ ਸਾਹਮਣੇ, ਧਰਮ ਦੇ ਆਧਾਰ ’ਤੇ ਪੰਜਾਬ ਨੂੰ ਵੰਡਦੀ ਚਲੀ ਆ ਰਹੀ ਸੀ: ਦਿਨੇਸ਼ ਚੱਢਾ

चंडीगढ़ पंजाब

ਰਾਵੀ ਨਿਊਜ ਚੰਡੀਗੜ੍ਹ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਦੇ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਾਂਗਰਸ ’ਤੇ ਹਮਲਾ ਬੋਲਿਆ ਹੈ। ਚੱਢਾ ਨੇ ਕਿਹਾ ਕਿ ਸੁਨੀਲ ਜਾਖੜ ਦੇ ਅਸਤੀਫ਼ੇ ਨੇ ਕਾਂਗਰਸ ਪਾਰਟੀ ਦੀ ਜਾਤੀ ਅਤੇ ਧਾਰਮਿਕ ਰਾਜਨੀਤੀ ਦੀ ਪੋਲ ਖੋਲ੍ਹ ਦਿੱਤੀ ਹੈ। ਕਾਂਗਰਸ ਦੀ ਪੰਜਾਬ ਨੂੰ ਜਾਤ ਅਤੇ ਧਰਮ ਵਿੱਚ ਵੰਡਣ ਵਾਲੀ ਰਾਜਨੀਤੀ ਦਾ ਵਿਰੋਧ ਕਰਨ ਕਰਕੇ ਹੀ ਸੁਨੀਲ ਜਾਖੜ ਨੂੰ ਪਾਰਟੀ ਤੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ‘ਆਪ’ ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਦਿਨੇਸ਼ ਚੱਢਾ ਨੇ ਕਾਂਗਰਸ ਪਾਰਟੀ ’ਤੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਹੀ ਦੇਸ਼ ਵਿੱਚ ਜਾਤ ਅਤੇ ਧਰਮ ਦੀ ਰਾਜਨੀਤੀ ਕੀਤੀ ਹੈ ਅਤੇ ਲੋਕਾਂ ਨੂੰ ਜਾਤ ਅਤੇ ਧਰਮ ਦੇ ਆਧਾਰ ’ਤੇ ਵੰਡ ਕੇ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਵਿੱਚ ਵੀ ਉਸ ਨੇ ਚੋਣਾ ਤੋਂ ਪਹਿਲਾ ਪੰਜਾਬੀਆਂ ਨੂੰ ਵੰਡਣ ਲਈ ਜਾਤ ਤੇ ਧਰਮ ਦਾ ਕਾਰਡ ਖੇਡਿਆ ਅਤੇ ਸੁਨੀਲ ਜਾਖੜ ਨੂੰ ਸਿਰਫ਼ ਹਿੰਦੂ ਹੋਣ ਦੇ ਨਾਤੇ ਵਿਧਾਇਕਾਂ ਵੱਲੋਂ ਸਮਰਥਨ ਦੇਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣਾਇਆ। ਸੁਨੀਲ ਜਾਖੜ ਨੂੰ ਕਾਂਗਰਸ ਦੀ ਇਸੇ ਘਟੀਆ ਰਾਜਨੀਤੀ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ।
ਚੱਢਾ ਨੇ ਕਿਹਾ ਕਿ 2017 ਵਿੱਚ ਚੋਣਾਂ ਜਿੱਤਣ ਤੋਂ ਬਾਅਦ ਸਾਢੇ ਚਾਰ ਸਾਲ ਤੱਕ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ। ਕਾਂਗਰਸੀ ਆਗੂਆਂ ਨੇ ਬਾਦਲਾਂ ਦੀ ਤਰ੍ਹਾਂ ਪੰਜਾਬ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਕਾਰੋਬਾਰ ਨੂੰ ਚਲਾਇਆ ਅਤੇ ਪੈਸਾ ਕਮਾਇਆ। ਜਦੋਂ ਜਨਤਾ ਕਾਂਗਰਸ ਸਰਕਾਰ ਦੀ ਸਚਾਈ ਸਮਝ ਗਈ ਤਾਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਨੇ ਜਾਤ ਦਾ ਕਾਰਡ ਖੇਡਿਆ ਅਤੇ ਮੁੱਖ ਮੰਤਰੀ ਬਦਲਣ ਦਾ ਡਰਾਮਾ ਕੀਤਾ।
ਵਿਧਾਇਕ ਚੱਢਾ ਨੇ ਕਿਹਾ ਕਿ ਪੰਜਾਬ ਵੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਪੰਜਾਬ ਦੀ ਧਰਤੀ ’ਤੇ ਜਾਤ, ਧਰਮ ਅਤੇ ਨਫ਼ਰਤ ਦੀ ਰਾਜਨੀਤੀ ਦੇ ਬੀਜ ਨਹੀਂ ਬੀਜੇ ਜਾ ਸਕਦੇ। ਇੱਥੋਂ ਦੇ ਲੋਕਾਂ ਨੇ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਾਜਨੀਤੀ ਕਰਨ ਵਾਲੇ ਲੋਕਾਂ ਨੂੰ ਸਬਕ ਸਿਖਾਇਆ ਹੈ। ਪੰਜਾਬ ਵਿੱਚ ਕਾਂਗਰਸ ਹੀ ਨਹੀਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਧਾਰਮਿਕ ਏਜੰਡਾ ਕਦੇ ਸਫਲ ਨਹੀਂ ਹੋ ਸਕਦਾ।  ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ, ਭਾਜਪਾ ਅਤੇ ਹੋਰ ਪਾਰਟੀਆਂ ਦੇ ਧਾਰਮਿਕ ਏਜੰਡਿਆਂ ਤੋਂ ਸਾਵਧਾਨ ਰਹਿਣ, ਤਾਂਕਿ ਪੰਜਾਬ ’ਚ ਅਮਨ- ਸ਼ਾਂਤੀ ਅਤੇ ਭਾਈਚਾਰੇ ਦਾ ਮਾਹੌਲ ਹਮੇਸ਼ਾ ਬਣਿਆ ਰਹੇ।     

Share and Enjoy !

Shares

Leave a Reply

Your email address will not be published.