ਕਣਕ ਦੇ ਭਾਅ ’ਚ ਕੀਤਾ ਵਾਧਾ ਨਿਗੂਣਾ, ਕਿਸਾਨਾਂ ਪ੍ਰਤੀ ਸੁਹਿਰਦ ਰਵੱਈਆ ਅਪਣਾਵੇ ਕੇਂਦਰ: ਰਾਜਿੰਦਰ ਸਿੰਘ ਬਡਹੇੜੀ

ताज़ा पंजाब राजनीति

ਰਾਵੀ ਨਿਊਜ ਚੰਡੀਗੜ੍ਹ

ਗੁਰਵਿੰਦਰ ਸਿੰਘ ਮੋਹਾਲੀ

ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ’ਚ ਕੀਤਾ ਗਿਆ 40 ਰੁਪਏ ਦਾ ਵਾਧਾ ਬਹੁਤ ਨਿਗੁਣਾ ਹੈ। ਅੱਜ ਇੱਥੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਸਾਨ ਨੇਤਾ ਨੇ ਕਿਹਾ ਕਿ ਪਹਿਲਾਂ ਕਣਕ ਦਾ ਭਾਅ 1975 ਰੁਪਏ ਸੀ ਤੇ ਹੁਣ ਸਿਰਫ਼ 2015 ਰੁਪਏ ਕੀਤਾ ਗਿਆ ਹੈ।

ਸ. ਬਡਹੇੜੀ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਤੇ ਉਸ ਤੋਂ ਬਾਅਦ ਖੇਤੀ ਲਾਗਤਾਂ ’ਚ ਚੋਖਾ ਵਾਧਾ ਹੋਇਆ ਹੈ। ਇਸ ਨਾਲ ਤਾਂ ਕਿਸਾਨਾਂ ਦੀਆਂ ਫ਼ਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਦੇ ਖ਼ਰਚੇ ਵੀ ਪੂਰੇ ਨਹੀਂ ਹੋਣੇ। ਉਨ੍ਹਾਂ ਕਿਹਾ ਕਿ ਕਣਕ ਦਾ ਭਾਅ ਹੁਣ 2,100 ਰੁਪਏ ਤੈਅ ਹੋਣਾ ਚਾਹੀਦਾ ਸੀ; ਤਾਂ ਕਿਸਾਨਾਂ ਨੂੰ ਜ਼ਰੂਰ ਕੁਝ ਰਾਹਤ ਮਿਲ ਸਕਦੀ ਸੀ।

ਸ. ਬਡਹੇੜੀ ਨੇ ਕਿਹਾ ਕਿ ਪਿਛਲੇ ਵਰ੍ਹੇ ਮਹਾਮਾਰੀ ਦੀ ਸ਼ੁਰੂਆਤ ਵੇਲੇ ਅੰਨਦਾਤਾ ਕਿਸਾਨ ਨੇ ਆਪਣੀ ਪਰਵਾਹ ਨਹੀਂ ਕੀਤੀ ਤੇ ਫ਼ਸਲਾਂ ਦੀ ਵਾਢੀ ’ਚ ਬਿਲਕੁਲ ਢਿੱਲ ਨਹੀਂ ਸੀ ਆਉਣ ਦਿੱਤੀ। ਇਸ ਵਾਰ ਵੀ ਮਹਾਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਕਿਸਾਨਾਂ ਦੀ ਸਖ਼ਤ ਮਿਹਨਤ ਸਦਕਾ ਪਿਛਲੇ ਸਾਲਾਂ ਦੇ ਮੁਕਾਬਲੇ ਫ਼ਸਲਾਂ ਦੇ ਝਾੜ ਵਧੇ। ਪਰ ਕੇਂਦਰ ਸਰਕਾਰ ਨੇ ਉਸ ਮਿਹਨਤ ਦਾ ਸਹੀ ਮੁੱਲ ਨਹੀਂ ਪਾਇਆ। ਸ. ਬਡਹੇੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਪ੍ਰਤੀ ਸੁਹਿਰਦ ਰਵੱਈਆ ਰੱਖਣਾ ਚਾਹੀਦਾ ਹੈ। ਪਿਛਲੇ ਸਾਢੇ ਨੌਂ ਮਹੀਨਿਆਂ ਤੋਂ ਸੜਕਾਂ ’ਤੇ ਰੁਲ਼ ਰਹੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੰਗਾਂ ਮੰਨਦਿਆਂ ਤਿੰਨੇ ਖੇਤੀ ਕਾਨੂੰਨ ਤੁਰੰਤ ਰੱਦ ਹੋਣੇ ਚਾਹੀਦੇ ਹਨ। ਕਿਸਾਨਾਂ ਨੂੰ ਖ਼ੁਸ਼ਹਾਲ ਕੀਤੇ ਬਿਨਾ ਭਾਰਤ ਦੀ ਅਰਥ–ਵਿਵਸਥਾ ਵੀ ਖ਼ੁਸ਼ਹਾਲ ਨਹੀਂ ਹੋ ਸਕਦੀ।

Leave a Reply

Your email address will not be published. Required fields are marked *