ਰਾਵੀ ਨਿਊਜ ਗੁਰਦਾਸਪੁਰ
ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਸੁਦੇਸ਼ ਕੁਮਾਰ ਦੀ ਅਗਵਾਈ ਹੇਠ 21 ਮਾਰਚ ਤੋਂ 4 ਅਪ੍ਰੈਲ ਤੱਕ ਬਲਾਕ ਪੀ ਐੱਚ ਸੀ ਰਣਜੀਤ ਬਾਗ ਵਿਖੇ ਪੋਸ਼ਣ ਪੰਦਰਵਾਡ਼ਾ ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਆਂਗਨਵਾੜੀ ਸੈਂਟਰ ਕਿਸ਼ਨਪੁਰ ਵਿਖੇ ਡਾ ਨਤਾਸ਼ਾ ਅੱਤਰੀ ਮੈਡੀਕਲ ਅਫਸਰ ਡੈਂਟਲ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਬਲਾਕ ਵਿਚ ਕੁਪੋਸ਼ਣ ਜੱਚਾ ਬੱਚਾ ਦੀ ਸੁਚੱਜੀ ਸਾਂਭ ਸੰਭਾਲ ਤੇ ਕੇਂਦਰਤ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਹੀ ਪੋਸ਼ਣ ਲੈਣ ਵਾਸਤੇ ਸਾਨੂੰ ਆਪਣੇ ਦੰਦਾਂ ਅਤੇ ਔਰਲ ਹੈਲਥ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਪੋਸ਼ਣ ਅਤੇ ਸ਼ਰੀਰਕ ਵਿਕਾਸ ਵਾਸਤੇ ਦੰਦਾਂ ਦੀ ਖਾਸ ਮਹੱਤਤਾ ਹੁੰਦੀ ਹੈ ਅਤੇ ਜੇਕਰ ਦੰਦਾਂ ਵਿਚ ਦਰਦ ਹੈ ਤਾਂ ਬੱਚੇ ਠੀਕ ਤਰ੍ਹਾਂ ਖਾਣਾ ਨਹੀਂ ਖਾ ਸਕਦਾ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ। ਇਸ ਮੌਕੇ ਬਲਾਕ ਐਜੂਕੇਟਰ ਸੰਦੀਪ ਕੌਰ ਨੇ ਦੱਸਿਆ ਕਿ ਪੋਸ਼ਣ ਮੁਹਿੰਮ ਦੌਰਾਨ ਛੋਟੀ ਉਮਰ ਦੀਆਂ ਕੁੜੀਆਂ, ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਸੰਤੁਲਿਤ ਖੁਰਾਕ ਅਤੇ ਟੀਕਾਕਰਨ ਉਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਮਿਊਨਿਟੀ ਹੈੱਲਥ ਅਫਸਰ ਜਸਮੀਤ ਕੌਰ ਨੇ ਦੱਸਿਆ ਕਿ ਪੋਸ਼ਣ ਅਭਿਆਨ ਦਾ ਇੱਕ ਮਹੱਤਵਪੂਰਨ ਹਿੱਸਾ ਗੰਭੀਰ ਕੁਪੋਸ਼ਣ ਬੱਚਿਆਂ ਦੀ ਜਲਦੀ ਪਛਾਣ ਕਰਨੀ ਹੈ ਤਾਂ ਜੋ ਕੁਪੋਸ਼ਿਤ ਬੱਚਿਆਂ ਦੀ ਸਿਹਤ ਸੰਭਾਲ ਲਈ ਲੋੜੀਂਦੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਓਆਰਐੱਸ ਦਾ ਘੋਲ ਬਣਾਉਣ ਦੀ ਵਿਧੀ ਅਤੇ ਹੱਥ ਧੋਣ ਦੇ ਤਰੀਕੇ ਬਾਰੇ ਜਾਣਕਾਰੀ ਵੀ ਦਿੱਤੀ। ਇਸ ਮੌਕੇ ਆਂਗਨਵਾੜੀ ਵਰਕਰ ਮਨਦੀਪ ਕੌਰ, ਸੋਸ਼ਲ ਵਰਕਰ ਹਰਮਨ, ਆਂਗਨਵਾੜੀ ਹੈਲਪਰ ਨੀਲਮ ਅਤੇ ਆਮ ਲੋਕ ਹਾਜ਼ਰ ਸਨ।