ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਜਨ ਸਮਾਜ ਪ੍ਰਤੀ ਘਟੀਆ ਰਵੱਈਆ : ਜਸਵੀਰ ਸਿੰਘ ਗੜ੍ਹੀ

एस.ए.एस नगर चंडीगढ़ राजनीति

ਰਾਵੀ ਨਿਊਜ ਚੰਡੀਗੜ੍ਹ

ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਹੁਜਨ ਵਿਰੋਧੀ ਰਵੱਈਆ ਦਿਨੋਂ ਦਿਨ ਉਜਾਗਰ ਹੁੰਦਾ ਜਾ ਰਿਹਾ ਹੈ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ‘ਆਪ’ ਸਰਕਾਰ ਵਿੱਚ ਅਫਸਰਾਂ ਕੋਲ ਦਲਿਤਾਂ ਤੋਂ ਮੰਗ ਪੱਤਰ ਲੈਣ ਲਈ ਵੀ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਦੇ ਜਲੌਰ ਵਿੱਚ ਦਲਿਤ ਵਿਦਿਆਰਥੀ ਕੁੱਟ ਕੁੱਟ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਜਾਣਾ ਸੀ ਤਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੰਗ ਪੱਤਰ ਲੈਣਾ ਵੀ ਸਮੇਂ ਸਿਰ ਉਚਿਤ ਨਾ ਸਮਝਿਆ। ਉਨ੍ਹਾਂ ਕਿਹਾ ਕਿ ਕੱਲ੍ਹ ਅੰਮ੍ਰਿਤਸਰ ਅਤੇ ਅੱਜ ਲੁਧਿਆਣਾ ਵਿੱਚ ਅਧਿਕਾਰੀ ਮੰਗ ਪੱਤਰ ਲੈਣ ਆਉਣ ਲਈ ਵੀ ਲਾਰੇ ਲਾਉਂਦੇ ਰਹੇ ਅਤੇ ਦਲਿਤ ਭਾਈਚਾਰੇ ਦੇ ਲੋਕ ਉਡੀਕਦੇ ਰਹੇ। ਘੰਟਿਆਂ ਬੱਧੀ ਉਡੀਕ ਕਰਨ ਤੋਂ ਬਾਅਦ ਅਧਿਕਾਰੀ ਮੰਗ ਪੱਤਰ ਲੈਣ ਪਹੁੰਚੇ। ਜਦੋਂ ਮੰਗ ਪੱਤਰ ਲੈਣ ਪਹੁੰਚੇ ਤਾਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰਸ਼ਾਸਨ ਵੱਲੋਂ ਦਲਿਤਾਂ ਭਾਈਚਾਰੇ ਦੀ ਕੀਤੀ ਜਾ ਰਹੀ ਅਣਦੇਖੀ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਈ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜਦੋਂ ਤੋਂ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਪੰਜਾਬ ’ਚ ਦਿਨੋਂ ਦਿਨ ਦਲਿਤ ਭਾਈਚਾਰੇ ਉਤੇ ਅੱਤਿਆਚਾਰ ਵੱਧ ਰਿਹਾ ਹੈ ਅਤੇ ਉਨ੍ਹਾਂ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਪਹਿਲਾਂ ‘ਆਪ’ ਸਰਕਾਰ ਨੇ ਐਡਵੋਕੇਟ ਜਨਰਲ ਦਫ਼ਤਰ ਵਿੱਚ ਐਸਸੀ ਬੀਸੀ ਭਾਈਚਾਰੇ ਨੂੰ ਕੋਈ ਥਾਂ ਨਾ ਦਿੱਤੀ ਜਦੋਂ ਵਿਰੋਧ ਕੀਤਾ ਤਾਂ ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਕੀਤੀਆਂ ਗਈਆਂ, ਪ੍ਰੰਤੂ ਪਛੜੀਆਂ ਸ਼੍ਰੇਣੀਆਂ, ਸਾਬਕਾ ਸੈਨਿਕਾਂ, ਖਿਡਾਰੀਆਂ, ਦਿਵੀਆਂਗਾਂ ਤੇ ਜਨਰਲ ਵਰਗ ਦੇ ਗਰੀਬਾਂ ਲਈ ਕੋਈ ਰਾਖਵਾਂਕਰਨ ਨਹੀਂ ਦਿੱਤਾ। ‘ਆਪ’ ਸਰਕਾਰ ਭਾਵੇਂ ਹਰ ਵਰਗ ਨੂੰ ਸਹੂਲਤਾਂ ਦੇਣ ਦੇ ਵਾਅਦੇ ਕਰ ਰਹੀ ਹੈ, ਪ੍ਰੰਤੂ ਖੇਤ ਮਜ਼ਦੂਰਾਂ ਦੀ ਨਾ ਤਾਂ ਦਿਹਾੜੀ ਵਿੱਚ ਵਾਧਾ ਕੀਤਾ ਨਾ ਹੀ ਨਰਮੇ ਦੀ ਮਾਰ ਦਾ ਕੋਈ ਪੈਸਾ ਜਾਰੀ ਕੀਤਾ ਹੈ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ‘ਆਪ’ ਸਰਕਾਰ ਦੇ ਦਲਿਤ ਵਿਰੋਧੀ ਰਵੱਈਏ ਖਿਲਾਫ ਬਹੁਜਨ ਸਮਾਜ ਪਾਰਟੀ ਲੋਕਾਂ ਨੂੰ ਲਾਮਬੰਦ ਕਰਕੇ ਤਿੱਖਾ ਸੰਘਰਸ਼ ਕਰ ਰਹੀ ਹੈ ਜਿਸ ਤਹਿਤ 29 ਨੂੰ ਮਾਲੇਰਕੋਟਲਾ, 30 ਮੁਕਤਸਰ, 31 ਨੂੰ ਫਿਰੋਜ਼ਪੁਰ, 1 ਨੂੰ ਮੋਹਾਲੀ, 2 ਨੂੰ ਪਟਿਆਲਾ ਵਿਖੇ ਰਿਜਰਵੇਸ਼ਨ ਐਕਟ ਲਾਗੂ ਕਰਨ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਤੇ ਰੋਸ ਮਾਰਚ ਹੋਣਗੇ।

Share and Enjoy !

Shares

Leave a Reply

Your email address will not be published.