ਅਨਾਜ ਵੰਡ ਪ੍ਰਣਾਲੀ ਵਿੱਚ ਇੱਕ ਨਿੱਕੇ ਪੈਸੇ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ – ਵਿਧਾਇਕ ਸ਼ੈਰੀ ਕਲਸੀ

बटाला

ਰਾਵੀ ਨਿਊਜ ਬਟਾਲਾ

ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਬਟਾਲਾ ਹਲਕੇ ਦੇ ਡੀਪੂ ਹੋਲਡਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਸਤੇ ਅਨਾਜ ਦੀ ਵੰਡ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਉਣ ਅਤੇ ਹਰ ਗਰੀਬ ’ਤੇ ਲੋੜਵੰਦ ਪਰਿਵਾਰ ਨੂੰ ਸਮੇਂ ਸਿਰ ਸਸਤਾ ਅਨਾਜ ਦਿੱਤਾ ਜਾਵੇ। ਅੱਜ ਸਥਾਨਕ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਡੀਪੋ ਹੋਲਡਰਜ਼ ਅਤੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਅਨਾਜ ਵੰਡ ਪ੍ਰਣਾਲੀ ਵਿੱਚ ਇੱਕ ਨਿੱਕੇ ਪੈਸੇ ਦੀ ਵੀ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਲੋੜਵੰਦ ਤੱਕ ਉਸਦੇ ਹਿੱਸੇ ਦਾ ਪੂਰਾ ਅਨਾਜ ਪਹੁੰਚੇ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਬਟਾਲਾ ਸ਼ਹਿਰ ਵਿੱਚ ਬਹੁਤ ਸਾਰੇ ਜਾਅਲੀ ਰਾਸ਼ਨ ਕਾਰਡ ਬਣੇ ਸਨ ਜਦਕਿ ਯੋਗ ਪਰਿਵਾਰ ਇਸ ਸਕੀਮ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਅਤੇ ਹੁਣ ਸਿਰਫ ਕਾਨੂੰਨ ਦਾ ਹੀ ਰਾਜ ਹੋਵੇਗਾ। ਉਨ੍ਹਾਂ ਡੀਪੂ ਹੋਲਡਰਾਂ ਨੂੰ ਕਿਹਾ ਕਿ ਕਿਸੇ ਵੀ ਬਜ਼ੁਰਗ ਨੂੰ ਅਨਾਜ ਦੇਣ ਸਮੇਂ ਖੱਜ਼ਲ-ਖੁਆਰ ਨਾ ਕੀਤਾ ਜਾਵੇ ਅਤੇ ਹਰ ਗਰੀਬ ਨੂੰ ਪਹਿਲ ਦੇ ਅਧਾਰ ’ਤੇ ਉਸਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਇਹ ਐਲਾਨ ਵੀ ਕੀਤਾ ਜਾ ਚੁੱਕਾ ਹੈ ਕਿ ਹੁਣ ਅਨਾਜ਼ ਗਰੀਬਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਨੀਤੀ ਜਲਦੀ ਹੀ ਬਣਾ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਹਰ ਗਰੀਬ ਤੇ ਲੋੜਵੰਦ ਪਰਿਵਾਰ ਤੱਕ ਉਸਦੇ ਹਿੱਸੇ ਦਾ ਅਨਾਜ ਪਹੁੰਚੇ ਇਸ ਲਈ ਵਾਰਡ ਪੱਧਰ ’ਤੇ ਵਿਸ਼ੇਸ਼ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਵੰਡ ਪ੍ਰਣਾਲੀ ਉੱਪਰ ਤਿਖੀ ਨਜ਼ਰ ਰੱਖਣਗੀਆਂ ਅਤੇ ਜਿਥੇ ਕਿਤੇ ਵੀ ਕੋਈ ਕਮੀ-ਪੇਸ਼ੀ ਹੋਈ ਉਸ ਨੂੰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਹੱਲ ਕੀਤਾ ਜਾਵੇਗਾ। ਉਨ੍ਹਾਂ ਫੂਡ ਸਪਲਾਈ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਅਨਾਜ ਵੰਡਣ ਦੀ ਸਮੁੱਚੀ ਪ੍ਰੀਕ੍ਰਿਆ ਦੀ ਖੁਦ ਨਿਗਰਾਨੀ ਕਰਨ। ਇਸ ਮੌਕੇ ਡੀਪੂ ਹੋਲਡਰਾਂ ਨੇ ਵੀ ਆਪਣੀਆਂ ਮੁਸ਼ਕਲਾਂ ਤੋਂ ਵਿਧਾਇਕ ਸ਼ੈਰੀ ਕਲਸੀ ਨੂੰ ਜਾਣੂ ਕਰਵਾਇਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਰਜਿੰਦਰਾ ਫਾਉਂਡਰੀ ਵਾਲੇ, ਮਨਮਿੰਦਰ ਸਿੰਘ, ਵਿਕਰਮ ਚੌਹਾਨ, ਪ੍ਰਿੰਸ ਰੰਧਾਵਾ, ਦਵਿੰਦਰ ਸਿੰਘ, ਐਡਵੋਕੇਟ ਭਰਤ, ਬਲਵਿੰਦਰ ਸਿੰਘ ਮਿੰਟਾ, ਪ੍ਰਧਾਨ ਜੰਬਾ, ਗੁਰਦਰਸ਼ਨ ਸਿੰਘ, ਸਰਦੂਲ ਸਿੰਘ, ਮਾਣਕ ਚੌਹਾਨ, ਉਪਦੇਸ਼, ਅਨੁਰਾਗ ਮਹਿਤਾ, ਅੰਕੁਸ਼ ਮਹਿਤਾ, ਅਮਨਦੀਪ ਸਿੰਘ ਅਤੇ ਸੁਸ਼ੀਲ ਕੁਮਾਰ ਸਮੇਤ ਡੀਪੂ ਹੋਲਡਰ ਹਾਜ਼ਰ ਸਨ।

Share and Enjoy !

Shares

Leave a Reply

Your email address will not be published.